ਨੀਲ ਹਰੀ ਕਾਈ ਜੋ ਇੱਕ ਕਿਸਮ ਦੀ ਕਾਈ ਹੈ, ਨੂੰ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਿਗਿਆਨਿਕ ਢੰਗ ਨਾਲ ਤਿਆਰ ਕਰ ਕੇ ਇਸ ਦਾ ਪ੍ਰਯੋਗ ਖੇਤੀ ਦੀ ਪੈਦਾਵਾਰ ਵਧਾਉਣ ਲਈ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਦੀ ਵਧੀਆ ਖਾਦ[1] ਹੈ। ਇਸ ਨੂੰ ਸਾਈਨੋਫੀਟਾ ਵੀ ਕਿਹਾ ਜਾਂਦਾ ਹੈ ਜੋ ਪ੍ਰਕਾਸ਼ ਸੰਸਲੇਸ਼ਣ ਵਿਧੀ ਰਾਹੀ ਉਰਜਾ ਪ੍ਰਾਪਤ ਕਰਦੀ ਹੈ।
ਇਹ ਕਾਈ ਉਸ ਥਾਂ ’ਤੇ ਵੇਖਣ ਨੂੰ ਮਿਲਦੀ ਹੈ ਜਿਥੇ ਨਮੀ ਹੋਵੇ ਤੇ ਪਾਣੀ ਰੁਕਿਆ ਹੋਵੇ ਜਿਵੇਂ ਝੋਨੇ ਦੇ ਖੇਤ। ਇਹ ਨਾਈਟ੍ਰੋਜਨ ਨੂੰ ਨਾਈਟਰੇਟ ਬਣਾ ਕੇ ਜ਼ਮੀਨ ਵਿੱਚ ਸਥਾਪਤ ਕਰਦੀ ਹੈ ਅਤੇ ਜ਼ਮੀਨ ਵਿੱਚ ਪਏ ਹੋਏ ਅਘੁਲਣਸ਼ੀਲ ਫ਼ਾਸਫ਼ੋਰਸ ਨੂੰ ਘੁਲਣਸ਼ੀਲ ਬਣਾ ਕੇ ਪੌਦਿਆਂ ਨੂੰ ਖ਼ੁਰਾਕ ਦਿੰਦੀ ਹੈ। ਜਿਸ ਜਗ੍ਹਾ ਨੀਲ ਹਰਿਤ ਕਾਈ ਜ਼ਿਆਦਾ ਦਿਖਾਈ ਦਿੰਦੀ ਹੈ, ਉਥੇ ਮਿੱਟੀ ਵਿੱਚ ਖਾਦਾਂ ਦੀ ਮਾਤਰਾ ਵੀ ਵਧੇਰੇ ਮੌਜੂਦ ਹੁੰਦੀ ਹੈ। ਨੀਲੀ ਹਰੀ ਕਾਈ ਦੀ ਖਾਦ ਜ਼ਮੀਨ ਵਿੱਚ ਕੁਝ ਅਜਿਹੇ ਰਸਾਇਣ ਵੀ ਛੱਡਦੀ ਹੈ ਜਿਸ ਵਿੱਚ ਆਕਸੀਜਨ, ਵਿਟਾਮਿਨ ਬੀ-12 ਅਤੇ ਆਸਕੋਰਬਿਕ ਐਸਿਡ (ਵਿਟਾਮਿਨ-ਸੀ) ਮਿਲਦੇ ਹਨ। ਇਹ ਜ਼ਮੀਨ ਦੀ ਨਮੀ ਅਤੇ ਪਾਣੀ ਵਿੱਚ ਮਿਲ ਕੇ ਅੱਗੇ ਤੋਂ ਅੱਗੇ ਆਪ ਹੀ ਵਧਦੀ ਰਹਿੰਦੀ ਹੈ ਅਤੇ ਫ਼ਸਲ ਪੱਕਣ ਤਕ ਪੌਦਿਆਂ ਨੂੰ ਖਾਦ ਮਿਲਦੀ ਰਹਿੰਦੀ ਹੈ। ਇਸ ਤਰ੍ਹਾਂ ਫ਼ਸਲ ਪੱਕਣ ਤਕ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਇਹ ਕਾਈ ਜ਼ਮੀਨ ਦੀ ਉਪਰੀ ਸਤ੍ਹਾ ਵਿੱਚ ਪਾਣੀ ਨੂੰ ਉਡਣ ਤੋਂ ਰੋਕਦੀ ਹੈ ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ।
ਫਸਲ ਦੀ ਬਿਜਾਈ ਤੋਂ ਬਾਅਦ 750 ਗ੍ਰਾਮ ਨੀਲੀ ਹਰੀ ਕਾਈ ਖਾਦ ਪ੍ਰਤੀ ਏਕੜ 'ਚ ਪਹਿਲੀ ਸਿੰਚਾਈ ਕਰਦੇ ਸਮੇਂ ਛਿੱਟਾ ਵਿਧੀ ਨਾਲ ਪਾਉ। ਫਲਦਾਰ ਫਸਲ 'ਚ 15 ਤੋਂ 20 ਗ੍ਰਾਮ ਅਤੇ ਵੱਡੇ ਰੁੱਖਾਂ ਨੂੰ 25 ਤੋਂ 30 ਗ੍ਰਾਮ ਨੀਲੀ ਹਰੀ ਕਾਈ ਖਾਦ ਪਾਉ।