dcsimg

ਖੱਟਾ ਮਮੋਲਾ ( البنجابية )

المقدمة من wikipedia emerging languages

ਖੱਟਾ ਮਮੋਲਾ ਇੱਕ ਨਿੱਕਾ ਜਿਹਾ ਪੰਖੀ ਹੈ ਜੋ ਪਾਣੀ ਦੇ ਸਰੋਤਾਂ ਲਾਗੇ ਭੁੰਜੇ ਆਪਣੇ ਪੂੰਝੇ ਨੂੰ ਭੁੜਕਾਉਂਦਾ ਤੁਰਦਾ-ਫਿਰਦਾ ਨਜ਼ਰੀਂ ਪੈ ਜਾਂਦਾ ਏ। ਇਸਦਾ ਵਿਗਿਆਨਕ ਨਾਂਅ Motacilla Flava ਏ, ਜਿਸ ਮਾਇਨੇ ਵੀ ਖੱਟਾ ਮਮੋਲਾ ਏ। ਇਹ ਲਗਭਗ ਪੂਰੀ ਦੁਨੀਆ ਦਾ ਪਰਵਾਸ ਕਰਨ ਵਾਲ਼ਾ ਪੰਖੀ ਏ। ਇਸਦਾ ਇਲਾਕਾ ਯੂਰਪ, ਅਫ਼ਰੀਕਾ ਤੇ ਏਸ਼ੀਆ ਤੋਂ ਹੁੰਦੇ ਹੋਏ ਅਲਾਸਕਾ ਤੇ ਅਸਟ੍ਰੇਲੀਆ ਦੀ ਉੱਤਰੀ ਬਾਹੀ ਤੱਕ ਹੈ। ਇਹ ਆਪਣੇ ਰੰਗ ਕਰਕੇ ਬੜਾ ਹੀ ਮਨ-ਮੋਹਣਾ ਪੰਛੀ ਏ।

ਜਾਣ ਪਛਾਣ

ਇਸਦੀ ਲੰਮਾਈ 16.5 ਸੈਮੀ, ਨਰ ਦਾ ਵਜ਼ਨ 12.3-26.4 ਗ੍ਰਾਮ ਤੇ ਮਾਦਾ 11.2-22.6 ਗ੍ਰਾਮ ਵਜ਼ਨੀ ਅਤੇ ਇਸਦੇ ਪਰਾਂ ਦਾ ਫੈਲਾਅ 25 ਸੈਮੀ ਦੇ ਏੜ-ਗੇੜ ਹੁੰਦਾ ਹੈ। ਨਰ ਦਾ ਸਿਰ,ਧੌਣ ਤੇ ਸਰੀਰ ਦਾ ਥਲੜਾ ਹਿੱਸਾ ਖੱਟੇ ਰੰਗ ਦਾ ਤੇ ਪਰਾਂ ਦਾ ਰੰਗ ਭੂਰਾ ਹੁੰਦਾ ਏ, ਜੋ ਥੋੜੀ-ਥੋੜੀ ਹਰੀ ਭਾਅ ਮਾਰਦੇ ਹਨ। ਮਾਦਾ ਦਾ ਸਿਰ, ਗਿੱਚੀ ਤੇ ਪਰ ਭੂਰੇ ਅਤੇ ਗਲ਼ੇ ਤੇ ਥੱਲੜੇ ਪਾਸਿਓਂ ਖੱਟੀ ਹੁੰਦੀ ਹੈ। ਮਾਦਾ ਨਰ ਦੇ ਮੁਕਾਬਲੇ ਸੁਸਤ ਸੁਭਾਅ ਦੀ ਹੁੰਦੀ ਹੈ। ਜਵਾਨ ਹੁੰਦੇ ਮਮੋਲੇ ਮਾਦਾ ਵਾਂਙੂੰ ਵਿਖਦੇ ਹਨ ਪਰ ਉਹਨਾਂ ਦੀ ਹਿੱਕ ਵੀ ਭੂਰੀ ਹੁੰਦੀ ਏ। ਖੱਟਾ ਮਮੋਲਾ ਗਾੜੀ ਵੀ ਕਈ ਰਕਮਾਂ ਵਿਚ ਵੰਡਿਆ ਹੋਇਆ ਜਿਸ ਕਾਰਨ ਵੱਖ-ਵੱਖ ਥਾਈਂ ਇਸਦੀ ਅਵਾਜ਼ ਵਿਚ ਥੋੜਾ-ਬਹੁਤਾ ਫ਼ਰਕ ਪੈ ਜਾਂਦਾ ਹੈ। ਕਈ ਵਾਰ ਖੱਟਾ ਮਮੋਲਾ ਭੂਰੇ ਮਮੋਲੇ ਦਾ ਭੁਲੇਖਾ ਪਾਉਂਦਾ ਹੈ ਪਰ ਭੂਰਾ ਮਮੋਲਾ ਇਸਨੋੰ ਜ਼ਿਆਦਾ ਤਕੜਾ ਤੇ ਲੰਮਾ ਹੁੰਦਾ ਏ, ਜੀਹਦਾ ਰੰਗ ਜ਼ਿਆਦਾ ਕਾਲ਼ੀ ਭਾਅ ਮਾਰਦਾ ਤੇ ਪੂੰਝਾ ਚਿੱਟਾ ਹੁੰਦਾ ਹੈ।

ਖ਼ੁਰਾਕ

ਖੱਟਾ ਮਮੋਲਾ ਰੀੜ੍ਹ ਦੀ ਹੱਡੀ ਰਹਿਤ ਕੀਟ-ਪਤੰਗੇ ਖਾਂਦਾ ਹੈ। ਇਸਦੀ ਮੁੱਖ ਖ਼ੁਰਾਕ ਮੱਖੀਆਂ, ਭੂੰਡੀਆਂ ਤੇ ਮੱਕੜੀਆਂ ਵਰਗੇ ਜੀਅ ਹਨ। ਇਹ ਖੁੱਲ੍ਹਿਆਂ ਮੈਦਾਨਾਂ, ਘੱਟ ਬਨਸਪਤੀ ਵਾਲ਼ੀਆਂ ਚਰਾਂਦਾਂ ਵਿਚ ਖ਼ੁਰਾਕ ਲਈ ਵਾਸਾ ਕਰਦਾ ਏ। ਇਹ ਪਾਣੀ ਦੇ ਸਰੋਤਾਂ ਅਤੇ ਡੰਗਰਾਂ ਦੇ ਰਹਿਣ ਵਾਲ਼ੀਆਂ ਥਾਵਾਂ ਨੂੰ ਵੀ ਬੜਾ ਪਸੰਦ ਕਰਦਾ ਏ ਕਿਉਂਕਿ ਓਥੋਂ ਇਸਨੂੰ ਖਾਣ ਨੂੰ ਬਥੇਰੇ ਕੀਟ ਪਤੰਗੇ ਮਿਲ ਜਾਂਦੇ ਹਨ।

ਪਰਸੂਤ

ਖੱਟੇ ਮਮੋਲੇ ਦਾ ਪਰਸੂਤ ਵੇਲਾ ਵਸਾਖ ਤੋਂ ਕੱਤੇਂ/ਕੱਤਕ (ਅਪ੍ਰੈਲ ਤੋਂ ਅਗਸਤ) ਤੱਕ ਹੁੰਦਾ ਏ ਪਰ ਵੱਖ-ਵੱਖ ਥਾਂਈਂ ਪਰਸੂਤ ਵੇਲੇ ਦਾ ਫੇਰ-ਬਦਲ ਵੀ ਹੋ ਸਕਦਾ ਏ। ਪਰਸੂਤ ਦੀ ਰੁੱਤੇ ਮਾਦਾ ਦੋ ਵੇਰਾਂ ਆਂਡੇ ਦੇਂਦੀ ਹੈ ਤੇ ਇੱਕ ਵੇਰਾਂ 4-6 ਆਂਡੇ ਦੇਂਦੀ ਏ। ਪਰਸੂਤ ਰੁੱਤੇ ਇਨ੍ਹਾਂ ਦੇ ਹਰ ਵੇਰਾਂ ਨਵੇਂ ਜੋੜੇ ਬਣਦੇ ਹਨ। ਮਾਦਾ ਉਸ ਨਰ ਨਾਲ ਹੀ ਗਾਟੀ ਪਾਉਂਦੀ ਹੈ ਜੋ ਉਸਦੇ ਆਲ੍ਹਣੇ ਵਾਲ਼ੇ ਇਲਾਕੇ ਦੀ ਦੁੱਜਿਆਂ ਨਰਾਂ ਤੋਂ ਰਾਖੀ ਕਰੇ। ਆਲ੍ਹਣਾ ਮਾਦਾ 'ਕੱਲੀ ਹੀ ਬਣਾਉਂਦੀ ਏ। ਇਹ ਆਪਣਾ ਆਲ੍ਹਣਾ ਭੁੰਜੇ ਹੀ ਕੂਲ਼ੇ ਘਾਹ, ਵਾਲਾਂ ਤੇ ਹੋਰ ਅਜਿਹੇ ਹੀ ਕੂਲ਼ੇ ਸਮਾਨ ਤੋਂ ਬਣਾਉਂਦੀ ਹੈ। ਆਂਡਿਆਂ 'ਤੇ ਯਾਰਾਂ ਤੋਂ ਤੇਰਾਂ ਦਿਨਾਂ ਲਈ ਬਹਿਣ ਤੇ ਬੋਟਾਂ ਨੂੰ ਚੋਗਾ ਲਿਆਣਕੇ ਖਵਾਉਣ ਦਾ ਕੰਮ ਨਰ ਤੇ ਮਾਦਾ ਦੋਵੇਂ ਰਲ਼ਕੇ ਹੀ ਕਰਦੇ ਹਨ। ਬੋਟ ਦੋ ਸਾਤੇ/ਹਫ਼ਤਿਆਂ ਜਾਂ ਇਸਤੋਂ ਥੋੜਾ ਵੱਧ ਚਿਰ ਤੀਕਰ ਆਲ੍ਹਣੇ ਵਿਚ ਰਹਿੰਦੇ ਹਨ ਤੇ ਜਦ ਉੱਡਣ ਗੋਚਰੇ ਹੋ ਜਾਂਦੇ ਫੇਰ ਖੁੱਲੇ ਅਸਮਾਨ ਨੂੰ ਉਡਾਰੀ ਲਾ ਜਾਂਦੇ ਹਨ।

ਹਵਾਲੇ

ترخيص
cc-by-sa-3.0
حقوق النشر
ਵਿਕੀਪੀਡੀਆ ਲੇਖਕ ਅਤੇ ਸੰਪਾਦਕ
النص الأصلي
زيارة المصدر
موقع الشريك
wikipedia emerging languages